عن النُّعمان بن بَشير رضي الله عنه قال: سَمِعْتُ رَسُولَ اللهِ صَلَّى اللهُ عَلَيْهِ وَسَلَّمَ يَقُولُ -وَأَهْوَى النُّعْمَانُ بِإِصْبَعَيْهِ إِلَى أُذُنَيْهِ-:
«إِنَّ الْحَلَالَ بَيِّنٌ وَإِنَّ الْحَرَامَ بَيِّنٌ، وَبَيْنَهُمَا مُشْتَبِهَاتٌ لَا يَعْلَمُهُنَّ كَثِيرٌ مِنَ النَّاسِ، فَمَنِ اتَّقَى الشُّبُهَاتِ اسْتَبْرَأَ لِدِينِهِ وَعِرْضِهِ، وَمَنْ وَقَعَ فِي الشُّبُهَاتِ وَقَعَ فِي الْحَرَامِ، كَالرَّاعِي يَرْعَى حَوْلَ الْحِمَى يُوشِكُ أَنْ يَرْتَعَ فِيهِ، أَلَا وَإِنَّ لِكُلِّ مَلِكٍ حِمًى، أَلَا وَإِنَّ حِمَى اللهِ مَحَارِمُهُ، أَلَا وَإِنَّ فِي الْجَسَدِ مُضْغَةً، إِذَا صَلَحَتْ صَلَحَ الْجَسَدُ كُلُّهُ، وَإِذَا فَسَدَتْ فَسَدَ الْجَسَدُ كُلُّهُ، أَلَا وَهِيَ الْقَلْبُ».
[صحيح] - [متفق عليه] - [صحيح مسلم: 1599]
المزيــد ...
ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:
ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ - ਇਹ ਕਹਿੰਦੇ ਸਮੇਂ ਨੋਮਾਨ (ਰ.) ਨੇ ਆਪਣੀਆਂ ਉਂਗਲਾਂ ਨਾਲ ਆਪਣੇ ਕੰਨਾਂ ਵੱਲ ਇਸ਼ਾਰਾ ਕੀਤਾ- :
"ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ, ਅਤੇ ਇਨ੍ਹਾਂ ਦੋਵਾਂ ਦੇ ਵਿਚਕਾਰ ਕੁਝ ਸ਼ੱਕ ਵਾਲੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਬਹੁਤੇ ਲੋਕ ਨਹੀਂ ਜਾਣਦੇ। ਸੋ ਜੋ ਕੋਈ ਵੀ ਕਿਸੇ ਸ਼ੱਕ ਵਾਲੀ ਚੀਜ਼ ਤੋਂ ਬਚ ਜਾਂਦਾ ਹੈ, ਉਹ ਆਪਣੇ ਦੀਨ (ਧਰਮ) ਅਤੇ ਆਪਣੀ ਇਜ਼ਤ ਨੂੰ ਬਚਾ ਲੈਂਦਾ ਹੈ, ਅਤੇ ਜੋ ਕੋਈ ਸ਼ੱਕ ਵਾਲੀ ਚੀਜ਼ ਵਿੱਚ ਪੈ ਜਾਂਦਾ ਹੈ, ਉਹ ਹਰਾਮ ਵਿੱਚ ਪੈ ਜਾਂਦਾ ਹੈ। ਇਸਦੀ ਮਿਸਾਲ ਇੱਕ ਚਰਵਾਹੇ ਵਾਂਗ ਹੈ ਜੋ ਇੱਕ ਸੁਰੱਖਿਅਤ ਹੱਦ (ਪ੍ਰਤੀਬੰਧਿਤ ਖੇਤਰ) ਦੇ ਨੇੜੇ ਆਪਣੇ ਪਸ਼ੂਆਂ ਨੂੰ ਚਰਵਾਉਂਦਾ ਹੋਵੇ, ਪ੍ਰੰਤੂ ਇਸ ਗੱਲ ਦੀ ਸੰਭਾਵਨਾ ਰਹਿੰਦੀ ਹੈ ਕਿ ਉਸਦਾ ਕੋਈ ਪਸ਼ੂ ਉਸ ਸੁਰੱਖਿਅਤ ਖੇਤਰ ਦੇ ਅੰਦਰ ਜਾ ਕੇ ਚਰ ਆਵੇ। ਸੁਣੋ! ਹਰ ਰਾਜੇ ਦਾ ਇੱਕ ਸੁਰੱਖਿਅਤ ਖੇਤਰ ਹੁੰਦਾ ਹੈ (ਜਿਸ ਵਿੱਚ ਜਾਣ ਦੀ ਆਗਿਆ ਕਿਸੇ ਨੂੰ ਨਹੀਂ ਹੁੰਦੀ), ਅਤੇ ਅੱਲਾਹ ਦਾ ਉਹ ਖੇਤਰ ਉਸ ਦੀ ਮਨਾਹ ਕੀਤੀਆਂ (ਹਰਾਮ ਚੀਜ਼ਾਂ) ਹਨ। ਸੁਣੋ! ਤੁਹਾਡੇ ਸ਼ਰੀਰ ਵਿੱਚ ਇੱਕ ਮਾਸ ਦਾ ਟੁਕੜਾ (ਅੰਗ) ਹੈ, ਜੇਕਰ ਉਹ ਠੀਕ ਹੁੰਦਾ ਹੈ ਤਾਂ ਸਾਰਾ ਸ਼ਰੀਰ ਠੀਕ ਹੁੰਦਾ ਹੈ, ਅਤੇ ਜੇਕਰ ਉਹ ਵਿਗੜ ਜਾਂਦਾ ਹੈ ਤਾਂ ਸਾਰਾ ਸ਼ਰੀਰ ਵਿਗੜ ਜਾਂਦਾ ਹੈ। ਸੁਣੋ! ਉਹ ਮਾਸ ਦਾ ਟੁਕੜਾ ਦਿਲ ਹੈ।"
[صحيح] - [متفق عليه] - [صحيح مسلم - 1599]
ਨਬੀ ﷺ ਚੀਜ਼ਾਂ ਦੇ ਬਾਰੇ ਇੱਕ ਆਮ ਅਸੂਲ ਸਮਝਾ ਰਹੇ ਹਨ। ਉਹ ਅਸੂਲ ਇਹ ਹੈ ਕਿ ਸ਼ਰੀਅਤ ਵਿੱਚ ਚੀਜ਼ਾਂ ਤਿੰਨ ਭਾਗਾਂ ਵਿੱਚ ਵੰਡੀਆਂ ਜਾਂਦੀਆਂ ਹਨ: ਸਪਸ਼ਟ ਹਲਾਲ ਚੀਜ਼ਾਂ, ਸਪਸ਼ਟ ਹਰਾਮ ਚੀਜ਼ਾਂ, ਅਤੇ ਸ਼ੱਕ ਵਾਲੀਆਂ ਚੀਜ਼ਾਂ ਜਿਨ੍ਹਾਂ ਦਾ ਹਲਾਲ ਜਾਂ ਹਰਾਮ ਹੋਣਾ ਸਪਸ਼ਟ ਨਾ ਹੋਵੇ ਤੇ ਜਿਨ੍ਹਾਂ ਦੇ ਸ਼ਰੀਅਤੀ ਹੁਕਮ (ਹਲਾਲ ਜਾਂ ਹਰਾਮ ਹੋਣ) ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਾ ਹੋਵੇ।
ਇਸ ਲਈ ਜੋ ਵਿਅਕਤੀ ਇਨ੍ਹਾਂ ਸ਼ੱਕ ਵਾਲੀਆਂ ਚੀਜ਼ਾਂ ਨੂੰ ਛੱਡ ਦਿੰਦਾ ਹੈ, ਉਸਦਾ ਦੀਨ (ਧਰਮ) ਹਰਾਮ ਵਿੱਚ ਪੈਣ ਤੋਂ ਬਚ ਜਾਂਦਾ ਹੈ ਅਤੇ ਜੇ ਸ਼ੱਕੀ ਚੀਜ਼ ਵਿੱਚ ਪੈਣ ਕਰਕੇ ਲੋਕਾਂ ਵੱਲੋਂ ਉਸ 'ਤੇ ਕੋਈ ਦੋਸ਼ ਲਗਾਇਆ ਜਾ ਸਕਦਾ ਸੀ ਤਾਂ ਉਸ ਦੋਸ਼ ਲੱਗਣ ਤੋਂ ਵੀ ਉਸਦੀ ਇਜ਼ਤ ਬਚੀ ਰਹਿੰਦੀ ਹੈ। ਇਸਦੇ ਉਲਟ ਜੋ ਵਿਅਕਤੀ ਸ਼ੱਕ ਵਾਲੀਆਂ ਚੀਜ਼ਾਂ ਤੋਂ ਨਹੀਂ ਬਚਦਾ, ਉਹ ਆਪਣੇ ਆਪ ਨੂੰ ਜਾਂ ਤਾਂ ਹਰਾਮ ਵਿੱਚ ਪੈ ਜਾਣ ਜਾਂ ਫੇਰ ਲੋਕਾਂ ਦੇ ਦੋਸ਼ ਕਾਰਨ ਆਪਣੀ ਇਜ਼ਤ ਗਵਾਉਣ ਦੇ ਖਤਰੇ ਵਿੱਚ ਪਾ ਲੈਂਦਾ ਹੈ। ਇਸ ਤੋਂ ਬਾਅਦ ਨਬੀ ﷺ ਨੇ ਸ਼ੱਕ ਵਾਲੀਆਂ ਚੀਜ਼ਾਂ ਵਿੱਚ ਪੈਣ ਵਾਲੇ ਵਿਅਕਤੀ ਦੀ ਹਾਲਤ ਸਮਝਾਉਣ ਲਈ ਇੱਕ ਉਦਾਹਰਨ ਦਿੱਤੀ ਅਤੇ ਦੱਸਿਆ ਕਿ ਜਿਵੇਂ ਇੱਕ ਚਰਵਾਹਾ ਆਪਣੇ ਪਸ਼ੂਆਂ ਨੂੰ ਇੱਕ ਅਜਿਹੀ ਜਗਾਹ ਦੇ ਨੇੜੇ ਚਰਵਾਉਂਦਾ ਹੈ ਜਿਸ ਨੂੰ ਉਸ ਦੇ ਮਾਲਕ ਨੇ ਸੁਰੱਖਿਅਤ ਰੱਖਿਆ ਹੋਵੇ ਅਤੇ ਇਸ ਸਥਿਤੀ ਵਿੱਚ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਪਸ਼ੂ ਉਸ ਸੁਰੱਖਿਅਤ ਜਗਾਹ ਵਿੱਚ ਜਾ ਕੇ ਚਰਨ ਲੱਗ ਜਾਣ ਕਿਉਂਕਿ ਪਹਿਲਾਂ ਤੋਂ ਹੀ ਉਹ ਉਸ ਜਗਾਹ ਦੇ ਨੇੜੇ ਹੁੰਦੇ ਹਨ। ਇਸੇ ਪ੍ਰਕਾਰ ਜੋ ਵਿਅਕਤੀ ਸ਼ੱਕੀ ਕੰਮਾਂ ਵਿੱਚ ਪੈ ਜਾਂਦਾ ਹੈ, ਉਹ ਆਪਣੇ ਕੰਮਾਂ ਕਾਰਨ ਹਰਾਮ ਦੇ ਨੇੜੇ ਆ ਲਗਦਾ ਹੈ ਅਤੇ ਇਸ ਗੱਲ ਦੀ ਸੰਭਾਵਨਾ ਬਣੀ ਰਹਿੰਦੀ ਹੈ ਕਿ ਉਹ ਹਰਾਮ ਕੰਮ ਵਿੱਚ ਪੈ ਸਕਦਾ ਹੈ। ਫੇਰ ਇਸਤੋਂ ਬਾਅਦ ਨਬੀ ﷺ ਨੇ ਇਹ ਦੱਸਿਆ ਕਿ ਸ਼ਰੀਰ ਵਿੱਚ ਇੱਕ ਮਾਸ ਦਾ ਟੁਕੜਾ ਹੁੰਦਾ ਹੈ (ਭਾਵ ਦਿਲ), ਜੇ ਉਹ ਠੀਕ ਹੋਵੇ ਤਾਂ ਸਾਰਾ ਸ਼ਰੀਰ ਠੀਕ ਰਹਿੰਦਾ ਹੈ, ਅਤੇ ਜੇ ਉਹ ਵਿਗੜ ਜਾਵੇ ਤਾਂ ਸਾਰਾ ਸ਼ਰੀਰ ਵਿਗੜ ਜਾਂਦਾ ਹੈ।