عن أنس بن مالك رضي الله عنه:
أَنَّ النَّبِيَّ صَلَّى اللهُ عَلَيْهِ وَسَلَّمَ وَمُعَاذٌ رَدِيفُهُ عَلَى الرَّحْلِ قَالَ: «يَا مُعَاذُ بْنَ جَبَلٍ»، قَالَ: لَبَّيْكَ يَا رَسُولَ اللهِ وَسَعْدَيْكَ، قَالَ: «يَا مُعَاذُ»، قَالَ: لَبَّيْكَ يَا رَسُولَ اللهِ وَسَعْدَيْكَ، ثَلَاثًا، قَالَ: «مَا مِنْ أَحَدٍ يَشْهَدُ أَنْ لَا إِلَهَ إِلَّا اللهُ وَأَنَّ مُحَمَّدًا رَسُولُ اللهِ صِدْقًا مِنْ قَلْبِهِ إِلَّا حَرَّمَهُ اللهُ عَلَى النَّارِ»، قَالَ: يَا رَسُولَ اللهِ، أَفَلَا أُخْبِرُ بِهِ النَّاسَ فَيَسْتَبْشِرُوا؟ قَالَ: «إِذًا يَتَّكِلُوا». وَأَخْبَرَ بِهَا مُعَاذٌ عِنْدَ مَوْتِهِ تَأَثُّمًا.
[صحيح] - [متفق عليه] - [صحيح البخاري: 128]
المزيــد ...
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਨਬੀ ﷺ ਨੇ, ਜਦੋਂ ਮੁਆਜ਼ ਬਿਨ ਜਬਲ ਰਜ਼ੀਅੱਲਾਹੁ ਅਨਹੁ ਆਪ ﷺ ਦੇ ਪਿੱਛੇ ਸਵਾਰੀ 'ਤੇ ਬੈਠੇ ਸੀ, ਫਰਮਾਇਆ "ਹੇ ਮੁਆਜ਼ ਬਿਨ ਜਬਲ!" ਉਨ੍ਹਾਂ ਨੇ ਜਵਾਬ ਦਿੱਤਾ: ਮੈਂ ਹਾਜ਼ਰ ਹਾਂ, ਹੇ ਅੱਲਾਹ ਦੇ ਰਸੂਲ! ਆਪ ﷺ ਇਸ ਤਰ੍ਹਾਂ ਤਿੰਨ ਵਾਰ ਆਵਾਜ਼ ਦਿੱਤੀ ਅਤੇ ਹਰ ਵਾਰ ਮੁਆਜ਼ (ਰ.) ਨੇ ਉਹੀ ਜਵਾਬ ਦਿੱਤਾ। ਫੇਰ ਆਪ ﷺ ਨੇ ਫਰਮਾਇਆ: "ਜੋ ਬੰਦਾ ਸੱਚੇ ਦਿਲ ਨਾਲ ਇਹ ਗਵਾਹੀ ਦਿੰਦਾ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਉਸ ਦੇ ਰਸੂਲ ਹਨ, ਤਾਂ ਅੱਲਾਹ ਉਸ 'ਤੇ ਜਹੰਨਮ ਨੂੰ ਹਰਾਮ ਕਰ ਦਿੰਦਾ ਹੈ।” ਮੁਆਜ਼ (ਰ.) ਨੇ ਆਖਿਆ: ਹੇ ਅੱਲਾਹ ਦੇ ਰਸੂਲ! ਕੀ ਮੈਂ ਲੋਕਾਂ ਨੂੰ ਇਹ ਗੱਲ ਦੱਸ ਨਾ ਦਿਆਂ ਤਾਂ ਜੋ ਉਹ ਖੁਸ਼ ਹੋ ਜਾਣ? ਆਪ ﷺ ਨੇ ਫਰਮਾਇਆ: "ਫੇਰ ਉਹ ਇਸੇ 'ਤੇ ਭਰੋਸਾ ਕਰ ਲੈਣਗੇ।" ਸੋ ਮੁਆਜ਼ (ਰ.) ਨੇ ਆਪਣੀ ਮੌਤ ਦੇ ਸਮੇਂ (ਇਲਮ ਲੁਕਾਉਣ ਦੇ) ਗੁਨਾਹ ਦੇ ਡਰ ਤੋਂ ਲੋਕਾਂ ਨੂੰ ਇਹ ਹਦੀਸ ਸੁਣਾ ਦਿੱਤੀ।
[صحيح] - [متفق عليه] - [صحيح البخاري - 128]
ਮੁਆਜ਼ ਬਿਨ ਜਬਲ (ਰਜ਼ੀਅੱਲਾਹੁ ਅਨਹੁ) ਅੱਲਾਹ ਦੇ ਨਬੀ ﷺ ਦੇ ਪਿੱਛੇ ਸਵਾਰੀ 'ਤੇ ਬੈਠੇ ਹੋਏ ਸੀ ਕਿ ਆਪ ﷺ ਨੇ ਉਨ੍ਹਾਂ ਦਾ ਨਾਂ ਲੈ ਕੇ ਤਿੰਨ ਵਾਰ ਕਿਹਾ: ਹੇ ਮੁਆਜ਼! ਆਪ ﷺ ਦੁਆਰਾ ਉਨ੍ਹਾਂ ਨੂੰ ਤਿੰਨ ਵਾਰ ਪੁਕਾਰਨ ਦਾ ਕਾਰਨ ਅੱਗੇ ਦੱਸੀ ਜਾਣ ਵਾਲੀ ਗੱਲ ਦੀ ਅਹਿਮੀਅਤ (ਮਹੱਤਵ) ਨੂੰ ਦਰਸਾਉਣਾ ਸੀ।
ਹਰ ਵਾਰ ਮੁਆਜ਼ (ਰਜ਼ੀਅੱਲਾਹੁ ਅਨਹੁ) ਨੇ ਨਬੀ ﷺ ਨੂੰ ਇਹ ਕਹਿ ਕੇ ਜਵਾਬ ਦਿੱਤਾ: "لبيك يا رسول الله وسعديك - ਲੱਬੈਕ ਯਾ ਰਸੂਲੱਲਾਹ ਵਾ ਸਾਅਦੈਕ" ਅਰਥਾਤ: ਹੇ ਅੱਲਾਹ ਦੇ ਰਸੂਲ! ਮੈਂ ਤੁਹਾਡੀ ਹਰ ਪੁਕਾਰ (ਸੱਦੇ) 'ਤੇ ਖੜ੍ਹਾ ਹਾਂ ਅਤੇ ਇਸਨੂੰ ਆਪਣੇ ਲਈ ਮਾਣ ਦੀ ਗੱਲ ਸਮਝਦਾ ਹਾਂ।
ਫੇਰ ਅੱਲਾਹ ਦੇ ਰਸੂਲ ﷺ ਨੇ ਉਨ੍ਹਾਂ ਨੂੰ ਦੱਸਿਆ ਕਿ ਜਿਸ ਵਿਅਕਤੀ ਨੇ ਸੱਚੇ ਦਿਲ ਨਾਲ ਇਸ ਗੱਲ ਦੀ ਗਵਾਹੀ ਦੀ ਦਿੱਤੀ ਕਿ ਅੱਲਾਹ ਦੇ ਸਿਵਾਏ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ ਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ ਅਤੇ ਫੇਰ ਉਹ ਇਸੇ ਹਾਲਤ ਵਿੱਚ ਮਰ ਜਾਂਦਾ ਹੈ, ਤਾਂ ਅੱਲਾਹ ਉਸ 'ਤੇ ਜਹੰਨਮ (ਨਰਕ) ਨੂੰ ਹਰਾਮ ਕਰ ਦਿੰਦਾ ਹੈ।
ਇਹ ਸੁਣਨ ਤੋਂ ਬਾਅਦ ਮੁਆਜ਼ (ਰਜ਼ੀਅੱਲਾਹੁ ਅਨਹੁ) ਨੇ ਅੱਲਾਹ ਦੇ ਨਬੀ ﷺ ਕੋਲੋਂ ਇਸ ਗੱਲ ਦੀ ਇਜਾਜ਼ਤ (ਆਗਿਆ) ਮੰਗੀ ਕਿ ਉਹ ਲੋਕਾਂ ਨੂੰ ਇਹ ਗੱਲ ਦੱਸ ਦੇਣ, ਤਾਂ ਜੋ ਉਹ ਖੁਸ਼ ਹੋ ਜਾਣ।
ਲੇਕਿਨ ਨਬੀ ﷺ ਨੂੰ ਇਸ ਗੱਲ ਦਾ ਡਰ ਹੋਇਆ ਕਿ ਕਿਤੇ ਲੋਕ ਇਸ 'ਤੇ ਹੀ ਭਰੋਸਾ ਕਰ ਕੇ ਨਾ ਬੈਠ ਜਾਣ ਅਤੇ ਅਮਲ ਦੇ ਮੈਦਾਨ ਵਿੱਚ ਪਿੱਛੇ ਰਹਿ ਜਾਣ।
ਇਸ ਲਈ ਮੁਆਜ਼ (ਰਜ਼ੀਅੱਲਾਹੁ ਅਨਹੁ) ਨੇ ਇਹ ਹਦੀਸ ਕਿਸੇ ਨੂੰ ਨਹੀਂ ਦੱਸੀ। ਪ੍ਰੰਤੂ ਮੌਤ ਤੋਂ ਪਹਿਲਾਂ ਇਸ ਡਰ ਤੋਂ ਦੱਸ ਦਿੱਤੀ ਕਿ ਕਿਤੇ ਇਲਮ (ਗਿਆਨ) ਨੂੰ ਲੁਕਾਉਣ ਦੇ ਗੁਨਾਹ ਵਿੱਚ ਨਾ ਫੱਸ ਜਾਣ।