عن عمر بن الخطاب رضي الله عنه قال: قال رسول الله صلى الله عليه وسلم:
«إِنَّمَا الْأَعْمَالُ بِالنِّيَّةِ، وَإِنَّمَا لِامْرِئٍ مَا نَوَى، فَمَنْ كَانَتْ هِجْرَتُهُ إِلَى اللهِ وَرَسُولِهِ، فَهِجْرَتُهُ إِلَى اللهِ وَرَسُولِهِ، وَمَنْ كَانَتْ هِجْرَتُهُ لِدُنْيَا يُصِيبُهَا أَوِ امْرَأَةٍ يَتَزَوَّجُهَا، فَهِجْرَتُهُ إِلَى مَا هَاجَرَ إِلَيْهِ».
وفي لفظ للبخاري: «إِنَّمَا الْأَعْمَالُ بِالنِّيَّاتِ، وَإِنَّمَا لِكُلِّ امْرِئٍ مَا نَوَى».
[صحيح] - [متفق عليه] - [صحيح مسلم: 1907]
المزيــد ...
ਹਜ਼ਰਤ ਉਮਰ ਬਿਨ ਖੱਤਾਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਅਮਲਾਂ ਦਾ ਦਾਰੋਮਦਾਰ (ਅਧਾਰ) ਨੀਅਤਾਂ 'ਤੇ ਹੈ, ਅਤੇ ਇੱਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ। ਸੋ ਜਿਸਨੇ ਵੀ ਹਿਜਰਤ (ਪਰਵਾਸ) ਅੱਲਾਹ ਅਤੇ ਉਸਦੇ ਰਸੂਲ ﷺ ਲਈ ਕੀਤੀ, ਉਸ ਦੀ ਹਿਜਰਤ ਅੱਲਾਹ ਅਤੇ ਉਸਦੇ ਰਸੂਲ ਲਈ ਹੀ ਹੋਵੇਗੀ ਅਤੇ ਜਿਸਨੇ ਹਿਜਰਤ ਦੁਨੀਆ ਪ੍ਰਾਪਤ ਕਰਨ ਜਾਂ ਇਸਤਰੀ ਨਾਲ ਵਿਆਹ ਕਰਨ ਲਈ ਕੀਤੀ, ਉਸ ਦੀ ਹਿਜਰਤ ਉਸੇ ਚੀਜ਼ ਲਈ ਹੈ ਜਿਸ ਲਈ ਉਸ ਨੇ ਹਿਜਰਤ ਕੀਤੀ ਹੋਵੇਗੀ।"
ਸਹੀ ਬੁਖਾਰੀ ਦੀ ਇੱਕ ਹਦੀਸ ਵਿੱਚ ਇਹ ਸ਼ਬਦ ਵੀ ਰਿਵਾਇਤ ਹੋਏ ਹਨ: "ਅਮਲਾਂ ਦਾ ਦਾਰੋਮਦਾਰ ਨੀਅਤਾਂ 'ਤੇ ਹੈ, ਅਤੇ ਹਰੇਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ।"
[صحيح] - [متفق عليه] - [صحيح مسلم - 1907]
ਨਬੀ ਕਰੀਮ ﷺ ਨੇ ਇਹ ਸਮਝਾਇਆ ਹੈ ਕਿ ਹਰ ਇੱਕ ਅਮਲ ਦੀ ਕੀਮਤ ਉਸ ਦੀ ਨੀਅਤ 'ਤੇ ਨਿਰਭਰ ਕਰਦੀ ਹੈ। ਇਹ ਹੁਕਮ ਹਰ ਪ੍ਰਕਾਰ ਦੇ ਅਮਲ 'ਤੇ ਲਾਗੂ ਹੁੰਦਾ ਹੈ, ਭਾਵੇਂ ਉਹ ਇਬਾਦਤਾਂ ਹੋਣ ਜਾਂ ਦੁਨੀਆਵੀ ਲੈਣ-ਦੇਣ। ਜੋ ਵਿਅਕਤੀ ਆਪਣੇ ਕੰਮ ਨਾਲ ਕਿਸੇ ਵਿਸ਼ੇਸ਼ ਲਾਭ ਦੀ ਨੀਅਤ ਰੱਖੇਗਾ, ਉਹ ਸਿਰਫ਼ ਉਸੇ ਲਾਭ ਨੂੰ ਪ੍ਰਾਪਤ ਕਰੇਗਾ ਅਤੇ ਉਸ ਨੂੰ ਕੋਈ ਸਵਾਬ (ਪੁਨ) ਨਹੀਂ ਮਿਲੇਗਾ। ਇਸਦੇ ਉਲਟ ਜੋ ਵਿਅਕਤੀ ਆਪਣੇ ਕੰਮ ਨਾਲ ਅੱਲਾਹ ਤਆਲਾ ਦੀ ਰਜ਼ਾ ਅਤੇ ਨੇਕੀ ਪ੍ਰਾਪਤ ਕਰਨ ਦੀ ਨੀਅਤ ਰੱਖੇਗਾ, ਉਸ ਨੂੰ ਉਸ ਦੇ ਕੰਮ ਦਾ ਸਵਾਬ ਅਤੇ ਇਨਾਮ ਮਿਲੇਗਾ, ਭਾਵੇਂ ਉਹ ਕੋਈ ਸਧਾਰਨ ਕੰਮ ਜਿਵੇਂ ਖਾਣਾ ਪੀਣਾ ਹੀ ਕਿਉਂ ਨਾ ਹੋਵੇ।
ਫੇਰ ਨਬੀ ਕਰੀਮ ﷺ ਨੇ ਨੀਅਤ ਦੇ ਅਮਲਾਂ 'ਤੇ ਹੋਣ ਵਾਲੇ ਪ੍ਰਭਾਵ ਨੂੰ ਸਮਝਾਉਣ ਲਈ ਇੱਕ ਉਦਾਹਰਣ ਦਿੱਤੀ, ਜਿਸ ਵਿੱਚ ਦੱਸਿਆ ਕਿ ਇੱਕੋ ਜਿਹੇ ਦਿਸਣ ਵਾਲੇ ਕੰਮਾਂ ਦੇ ਨਤੀਜੇ ਨੀਅਤ ਦੇ ਅਧਾਰ 'ਤੇ ਵੱਖੋ-ਵੱਖ ਹੋ ਸਕਦੇ ਹਨ। ਆਪ ﷺ ਨੇ ਦੱਸਿਆ ਕਿ ਜਿਸ ਕਿਸੇ ਨੇ ਹਿਜਰਤ ਕਰਨ ਅਤੇ ਆਪਣੇ ਦੇਸ਼ ਨੂੰ ਛੱਡਣ ਪਿੱਛੇ ਅੱਲਾਹ ਦੀ ਖੁਸ਼ੀ ਅਤੇ ਮਰਜ਼ੀ ਨੂੰ ਅੱਗੇ ਰੱਖਿਆ, ਉਸ ਦੀ ਹਿਜਰਤ ਇੱਕ ਦੀਨੀ ਹਿਜਰਤ ਹੋਵੇਗੀ ਅਤੇ ਉਸ ਨੂੰ ਸਵਾਬ ਮਿਲੇਗਾ, ਕਿਉਂਕਿ ਉਸ ਦੀ ਨੀਅਤ ਸੱਚੀ ਸੀ। ਇਸਦੇ ਉਲਟ ਜਿਸ ਕਿਸੇ ਨੇ ਸਿਰਫ਼ ਦੁਨੀਆਵੀ ਲੋਭ-ਲਾਲਚ, ਜਿਵੇਂ ਕਿ ਪੈਸੇ, ਇੱਜ਼ਤ, ਵਪਾਰ, ਵਿਆਹ ਆਦਿ ਲਈ ਹਿਜਰਤ ਕੀਤੀ ਤਾਂ ਉਸਨੂੰ ਸਿਰਫ਼ ਉਹੀ ਲਾਭ ਮਿਲੇਗਾ ਜਿਸ ਦੀ ਉਸ ਨੇ ਨੀਅਤ ਕੀਤੀ ਸੀ, ਅਤੇ ਉਸ ਨੂੰ ਕੋਈ ਸਵਾਬ ਜਾਂ ਇਨਾਮ ਨਹੀਂ ਮਿਲੇਗਾ।