عَنْ أَبِي وَاقِدٍ اللَّيْثِيِّ رضي الله عنه:
أَنَّ رَسُولَ اللهِ صَلَّى اللَّهُ عَلَيْهِ وَسَلَّمَ لَمَّا خَرَجَ إِلَى حُنَيْنٍ مَرَّ بِشَجَرَةٍ لِلْمُشْرِكِينَ يُقَالُ لَهَا: ذَاتُ أَنْوَاطٍ يُعَلِّقُونَ عَلَيْهَا أَسْلِحَتَهُمْ، فَقَالُوا: يَا رَسُولَ اللهِ، اجْعَلْ لَنَا ذَاتَ أَنْوَاطٍ كَمَا لَهُمْ ذَاتُ أَنْوَاطٍ، فَقَالَ النَّبِيُّ صَلَّى اللَّهُ عَلَيْهِ وَسَلَّمَ: «سُبْحَانَ اللهِ! هَذَا كَمَا قَالَ قَوْمُ مُوسَى {اجْعَلْ لَنَا إِلَهًا كَمَا لَهُمْ آلِهَةٌ} [الأعراف: 138] وَالَّذِي نَفْسِي بِيَدِهِ لَتَرْكَبُنَّ سُنَّةَ مَنْ كَانَ قَبْلَكُمْ».
[صحيح] - [رواه الترمذي وأحمد] - [سنن الترمذي: 2180]
المزيــد ...
ਅਬੁ-ਵਾਕਿਦ ਲੈਸੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਜਦੋਂ ਅੱਲਾਹ ਦੇ ਰਸੂਲ ﷺ ਹੁਨੈਨ ਦੀ ਜੰਗ ਲਈ ਨਿਕਲੇ, ਤਾਂ ਆਪ ﷺ ਮੁਸ਼ਰਿਕਾਂ ਦੁਆਰਾ ਪੂਜੇ ਜਾਣ ਵਾਲੇ ਇੱਕ ਰੁੱਖ ਕੋਲੋਂ ਲੰਘੇ ਜਿਸਨੂੰ "ਜ਼ਾਤ ਅਨਵਾਤ" ਕਿਹਾ ਜਾਂਦਾ ਸੀ ਅਤੇ ਉਸ ਉੱਤੇ ਉਹ ਆਪਣੇ ਹਥਿਆਰ ਟੰਗਦੇ ਸਨ। ਇਸ 'ਤੇ ਆਪ ਦੇ ਨਾਲ ਮੌਜੂਦ ਲੋਕਾਂ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਸਾਡੇ ਲਈ ਵੀ ਇੱਕ ਜ਼ਾਤ ਅਨਵਾਤ ਬਣਾ ਦਿਓ, ਜਿਹੋ-ਜਿਹਾ ਉਨ੍ਹਾਂ ਦਾ ਇੱਕ ਜ਼ਾਤ ਅਨਵਾਤ ਹੈ। ਇਹ ਸੁਣ ਕੇ ਨਬੀ ﷺ ਨੇ ਫਰਮਾਇਆ: "ਸੁਬਹਾਨ ਅੱਲਾਹ! ਇਹ ਤਾਂ ਉਹੀ ਗੱਲ ਹੈ ਜੋ ਮੂਸਾ ਦੀ ਕੌਮ ਨੇ ਕਹੀ ਸੀ ਕਿ {اجْعَلْ لَنَا إِلَهًا كَمَا لَهُمْ آلِهَةٌ} (ਸਾਡੇ ਲਈ ਵੀ ਇੱਕ ਅਜਿਹਾ ਇਸ਼ਟ ਬਣਾ ਦਿਓ ਜਿਵੇਂ ਇਹਨਾਂ ਦੇ ਇਸ਼ਟ ਹਨ।) [ਸੂਰਤ ਅਲ-ਆਰਾਫ: 138] ਉਸ ਜ਼ਾਤ ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ! ਤੁਸੀਂ ਜ਼ਰੂਰ ਆਪਣੇ ਤੋਂ ਪਹਿਲਾਂ ਦੀਆਂ ਉੱਮਤਾਂ ਦੇ ਨਕਸ਼ੇਕਦਮਾਂ 'ਤੇ ਚੱਲੋਗੇ।"
[صحيح] - [رواه الترمذي وأحمد] - [سنن الترمذي - 2180]
ਅੱਲਾਹ ਦੇ ਰਸੂਲ ﷺ ਤਾਇਫ਼ ਤੇ ਮੱਕਾ ਦੇ ਵਿਚਕਾਰ ਸਥਿਤ ਇੱਕ ਘਾਟੀ ਹੁਨੈਨ ਵੱਲ ਨਿਕਲੇ। ਆਪ ﷺ ਦੇ ਨਾਲ ਕੁੱਝ ਸਹਾਬੀ ਅਜਿਹੇ ਵੀ ਸਨ, ਜੋ ਹੁਣੇ-ਹੁਣੇ ਮੁਸਲਮਾਨ ਹੋਏ ਸਨ। ਇਸ ਲਈ ਜਦੋਂ ਉਹ ਜ਼ਾਤ ਅਨਵਾਤ (ਭਾਵ ਲਟਕਾਈਆਂ ਗਈਆਂ ਚੀਜ਼ਾਂ ਵਾਲੇ) ਰੁੱਖ ਕੋਲੋਂ ਲੰਘੇ, ਜਿਸ ਦਾ ਮੁਸ਼ਰਿਕ ਬਹੁਤ ਜ਼ਿਆਦਾ ਸਨਮਾਨ ਕਰਦੇ ਸਨ ਅਤੇ ਬਰਕਤ ਹਾਸਲ ਕਰਨ ਲਈ ਉਸ ਉੱਤੇ ਆਪਣੇ ਹਥਿਆਰ ਆਦਿ ਲਟਕਾਉਂਦੇ ਸਨ, ਤਾਂ ਅੱਲਾਹ ਦੇ ਰਸੂਲ ﷺ ਨੂੰ ਕਹਿਣ ਲੱਗੇ ਕਿ ਉਨ੍ਹਾਂ ਲਈ ਵੀ ਇਸੇ ਪ੍ਰਕਾਰ ਦਾ ਇੱਕ ਰੁੱਖ ਨਿਰਧਾਰਤ ਕਰ ਦੇਣ, ਜਿਸ 'ਤੇ ਉਹ ਬਰਕਤ ਹਾਸਲ ਕਰਨ ਲਈ ਆਪਣੇ ਹਥਿਆਰ ਲਟਕਾ ਸਕਣ। ਸੋ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਦੀ ਬੇਨਤੀ ਪ੍ਰਤੀ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਅੱਲਾਹ ਦੀ ਵਡਿਆਈ ਬਿਆਨ ਕਰਦੇ ਹੋਏ “ਸੁਬਹਾਨ ਅੱਲਾਹ” ਕਿਹਾ ਅਤੇ ਦੱਸਿਆ ਕਿ ਉਨ੍ਹਾਂ ਦੀ ਇਹ ਗੱਲ ਮੂਸਾ (ਅਲੈਹਿੱਸਲਾਮ) ਦੀ ਕੌਮ ਦੀ ਉਸ ਗੱਲ ਵਾਂਗ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ: (ਸਾਡੇ ਲਈ ਵੀ ਇੱਕ ਅਜਿਹਾ ਇਸ਼ਟ ਬਣਾ ਦਿਓ ਜਿਵੇਂ ਇਹਨਾਂ ਦੇ ਇਸ਼ਟ ਹਨ।) ਜਦੋਂ ਉਨ੍ਹਾਂ ਨੇ ਕੁੱਝ ਲੋਕਾਂ ਨੂੰ ਬੁੱਤਾਂ (ਮੂਰਤੀਆਂ) ਦੀ ਪੂਜਾ ਕਰਦੇ ਹੋਏ ਵੇਖਿਆ, ਤਾਂ ਇਸ ਗੱਲ ਦੀ ਬੇਨਤੀ ਕੀਤੀ ਮੁਸ਼ਰਿਕਾਂ ਵਾਂਗ ਉਨ੍ਹਾਂ ਦੇ ਵੀ ਕੁੱਝ ਬੁੱਤ ਹੋਣ। ਆਪ ﷺ ਨੇ ਦੱਸਿਆ ਕਿ ਉਨ੍ਹਾਂ ਦੇ ਸਹਾਬੀਆਂ (ਸਾਥੀਆਂ) ਦੀ ਇਹ ਬੇਨਤੀ ਵੀ ਅਸਲ ਵਿੱਚ ਉਨ੍ਹਾਂ ਦੀ ਪੈਰਵੀ (ਪਾਲਣਾ) ਕਰਨਾ ਹੈ। ਫੇਰ ਆਪ ﷺ ਨੇ ਦੱਸਿਆ ਕਿ ਇਹ ਉਮੱਤ ਯਹੂਦੀਆਂ ਅਤੇ ਈਸਾਈਆਂ ਦੇ ਨਕਸ਼ੇਕਦਮਾਂ 'ਤੇ ਚੱਲਣਗੇ ਅਤੇ ਉਨ੍ਹਾਂ ਵਰਗੇ ਕੰਮ ਕਰਨਗੇ। ਆਪ ﷺ ਦਾ ਮਕਸਦ ਅਜਿਹੇ ਕੰਮਾਂ ਤੋਂ ਖ਼ਬਰਦਾਰ ਕਰਨਾ ਸੀ।