عَنْ عَمَّارِ بنِ ياسِرٍ رضي الله عنه قال:
بَعَثَنِي رَسُولُ اللهِ صَلَّى اللهُ عَلَيْهِ وَسَلَّمَ فِي حَاجَةٍ، فَأَجْنَبْتُ فَلَمْ أَجِدِ الْمَاءَ، فَتَمَرَّغْتُ فِي الصَّعِيدِ كَمَا تَمَرَّغُ الدَّابَّةُ ثُمَّ أَتَيْتُ النَّبِيَّ صَلَّى اللهُ عَلَيْهِ وَسَلَّمَ، فَذَكَرْتُ ذَلِكَ لَهُ فَقَالَ: «إِنَّمَا كَانَ يَكْفِيكَ أَنْ تَقُولَ بِيَدَيْكَ هَكَذَا» ثُمَّ ضَرَبَ بِيَدَيْهِ الْأَرْضَ ضَرْبَةً وَاحِدَةً، ثُمَّ مَسَحَ الشِّمَالَ عَلَى الْيَمِينِ، وَظَاهِرَ كَفَّيْهِ وَوَجْهَهُ.
[صحيح] - [متفق عليه] - [صحيح مسلم: 368]
المزيــد ...
ਅੱਮਾਰ ਬਿਨ ਯਾਸਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
"ਮੈਨੂੰ ਅੱਲਾਹ ਦੇ ਰਸੂਲ ﷺ ਨੇ ਕਿਸੇ ਕੰਮ ਤੋਂ ਭੇਜਿਆ। (ਸਫ਼ਰ ਦੇ ਦੌਰਾਨ) ਮੈਂ ਜੁੰਬੀ ਹੋ ਗਿਆ (ਭਾਵ ਮੇਰੇ 'ਤੇ ਗੁਸਲ ਫਰਜ਼ ਹੋ ਗਿਆ) ਅਤੇ ਮੈਨੂੰ ਪਾਣੀ ਨਾ ਮਿਲ ਸਕਿਆ, ਇਸ ਲਈ ਮੈਂ ਜ਼ਮੀਨ 'ਤੇ ਲੋਟਪੋਟ ਹੋਣ ਲੱਗ ਗਿਆ ਜਿਵੇਂ ਜਾਨਵਰ ਲੋਟਪੋਟ ਹੁੰਦੇ ਹਨ। ਉਸਤੋਂ ਬਾਅਦ ਜਦੋਂ ਮੈਂ ਅੱਲਾਹ ਦੇ ਨਬੀ ﷺ ਕੋਲ ਹਾਜ਼ਰ ਹੋ ਕੇ ਆਪ ﷺ ਨੂੰ ਇਸ ਗੱਲ ਬਾਰੇ ਦੱਸਿਆ, ਤਾਂ ਆਪ ﷺ ਨੇ ਫਰਮਾਇਆ: "ਤੇਰੇ ਲਈ ਬਸ ਇਹੋ ਕਾਫੀ ਸੀ ਕਿ ਤੂੰ ਆਪਣੇ ਹੱਥਾਂ ਨਾਲ ਇੰਜ ਕਰ ਲੈਂਦਾ।" ਫੇਰ ਆਪ ﷺ ਨੇ ਆਪਣੇ ਦੋਵੇਂ ਹੱਥਾਂ ਨੂੰ ਇੱਕ ਵਾਰੀ ਜ਼ਮੀਨ 'ਤੇ ਮਾਰਿਆ, ਫੇਰ ਆਪਣੇ ਖੱਬੇ ਹੱਥ ਨਾਲ ਸੱਜੇ ਹੱਥ, ਦੋਵੇਂ ਹਥੇਲੀਆਂ ਦੇ ਬਾਹਰਲੇ ਹਿੱਸੇ ਅਤੇ ਆਪਣੇ ਚਿਹਰੇ ਦਾ ਮਸਾਹ ਕੀਤਾ।
[صحيح] - [متفق عليه] - [صحيح مسلم - 368]
ਅੱਲਾਹ ਦੇ ਨਬੀ ﷺ ਨੇ ਅੱਮਾਰ ਬਿਨ ਯਾਸਿਰ (ਰਜ਼ੀਅੱਲਾਹੁ ਅਨਹੁ) ਨੂੰ ਕਿਸੇ ਕੰਮ ਤੋਂ ਇੱਕ ਸਫਰ 'ਤੇ ਭੇਜਿਆ। ਸਫਰ ਦੇ ਦੌਰਾਨ ਉਨ੍ਹਾਂ ਨੂੰ ਸੰਭੋਗ ਕਰਨ ਜਾਂ ਜਿਨਸੀ ਇੱਛਾ ਨਾਲ ਵੀਰਜ ਨਿੱਕਲਣ ਕਾਰਨ ਜਨਾਬਤ (ਗੁਸਲ/ਸੁੰਨਤੀ ਇਸ਼ਨਾਨ ਕਰਨ ਦੀ ਹਾਲਤ) ਆ ਗਈ ਅਤੇ ਗੁਸਲ ਲਈ ਪਾਣੀ ਨਾ ਮਿਲਿਆ। ਉਸ ਵੇਲੇ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਅਜਿਹੀ ਹਾਲਤ ਵਿੱਚ ਤਯਮੁੱਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਸਿਰਫ਼ ਇਹ ਪਤਾ ਸੀ ਕਿ ਛੋਟੀ ਨਾਪਾਕੀ (ਜੋ ਵੁਜ਼ੂ ਨਾਲ ਦੂਰ ਹੁੰਦੀ ਹੈ) ਵਿੱਚ ਤਯਮੁੱਮ ਕੀਤਾ ਜਾ ਸਕਦਾ ਹੈ। ਇਸ ਲਈ ਉਨ੍ਹਾਂ ਨੇ ਇਜਤਿਹਾਦ ਕੀਤਾ (ਆਪਣੀ ਸਮਝ ਅਨੁਸਾਰ ਫੈਸਲਾ ਕੀਤਾ) ਅਤੇ ਸਮਝਿਆ ਕਿ ਜਿਵੇਂ ਛੋਟੀ ਨਾਪਾਕੀ ਤੋਂ ਪਾਕੀ ਹਾਸਲ ਕਰਨ ਲਈ ਵੁਜ਼ੂ ਦੇ ਕੁੱਝ ਅੰਗਾਂ ਦਾ ਮਿੱਟੀ ਨਾਲ ਮਸਾਹ (ਹੱਥ ਫੇਰਨਾ) ਕੀਤਾ ਜਾਂਦਾ ਹੈ, ਉਵੇਂ ਹੀ ਜਨਾਬਤ ਦੀ ਹਾਲਤ ਵਿੱਚ ਤਯਮੁੱਮ ਲਈ ਪੂਰੇ ਸ਼ਰੀਰ 'ਤੇ ਮਿੱਟੀ ਲਗਾਉਣਾ ਜ਼ਰੂਰੀ ਹੋਵੇਗਾ। ਇਸ ਲਈ ਉਹ ਮਿੱਟੀ ਵਿੱਚ ਲੋਟਪੋਟ ਹੋ ਗਏ ਤੇ ਪੂਰੇ ਸ਼ਰੀਰ 'ਤੇ ਮਿੱਟੀ ਲਗਾਈ ਅਤੇ ਫੇਰ ਉਸਤੋਂ ਬਾਅਦ ਨਮਾਜ਼ ਪੜ੍ਹੀ। ਬਾਅਦ ਵਿੱਚ ਜਦੋਂ ਅੱਲਾਹ ਦੇ ਨਬੀ ﷺ ਕੋਲ ਪਹੁੰਚੇ, ਤਾਂ ਇਹ ਜਾਣਨ ਲਈ ਕਿ ਉਨ੍ਹਾਂ ਦਾ ਕੀਤਾ ਅਮਲ ਸਹੀ ਸੀ ਜਾਂ ਨਹੀਂ, ਅੱਲਾਹ ਦੇ ਨਬੀ ﷺ ਦੇ ਸਾਹਮਣੇ ਇਸ ਘਟਨਾ ਦਾ ਵਰਣਨ ਕੀਤਾ। ਤਾਂ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਨੂੰ ਛੋਟੀ ਨਾਪਾਕੀ (ਜਿਵੇਂ ਪਿਸ਼ਾਬ) ਅਤੇ ਵੱਡੀ ਨਾਪਾਕੀ (ਜਿਵੇਂ ਜਨਾਬਤ) ਦੋਵਾਂ ਤੋਂ ਪਾਕੀ ਹਾਸਲ ਕਰਨ ਦਾ ਤਰੀਕਾ ਦੱਸ ਦਿੱਤਾ। ਤਰੀਕਾ ਇਹ ਹੈ ਕਿ ਦੋਵੇਂ ਹੱਥਾਂ ਨੂੰ ਇੱਕ ਵਾਰੀ ਜ਼ਮੀਨ 'ਤੇ ਮਾਰਿਆ ਜਾਵੇ ਅਤੇ ਉਸਤੋਂ ਬਾਅਦ ਆਪਣੇ ਖੱਬੇ ਹੱਥ ਨਾਲ ਸੱਜੇ ਹੱਥ, ਦੋਵਾਂ ਹਥੇਲੀਆਂ ਦੇ ਬਾਹਰੀ ਹਿੱਸੇ ਅਤੇ ਚਿਹਰੇ ਦਾ ਮਸਾਹ ਕੀਤਾ ਜਾਵੇ (ਭਾਵ ਹੱਥ ਫੇਰਿਆ ਜਾਵੇ)।