عَنْ أَبِي هُرَيْرَة رَضِيَ اللَّهُ عَنْهُ قَالَ: قَالَ رَسُول اللَّهِ صَلَّى اللهُ عَلَيْهِ وَسَلَّمَ:
«إنَّ اللَّهَ تَعَالَى قَالَ: مَنْ عَادَى لِي وَلِيًّا فَقْد آذَنْتُهُ بِالحَرْبِ، وَمَا تَقَرَّبَ إلَيَّ عَبْدِي بِشَيْءٍ أَحَبَّ إلَيَّ مِمَّا افْتَرَضْتُ عَلَيْهِ، وما يَزَالُ عَبْدِي يَتَقَرَّبُ إلَيَّ بِالنَّوَافِلِ حَتَّى أُحِبَّهُ، فَإِذَا أَحْبَبْتُهُ كُنْتُ سَمْعَهُ الَّذِي يَسْمَعُ بِهِ، وَبَصَرَهُ الَّذِي يُبْصِرُ بِهِ، وَيَدَهُ الَّتِي يَبْطِشُ بِهَا، وَرِجْلَهُ الَّتِي يَمْشِي بِهَا، وَإِنْ سَأَلَنِي لَأُعْطِيَنَّهُ، وَلَئِنْ اسْتَعَاذَنِي لَأُعِيذَنَّهُ».
[صحيح] - [رواه البخاري] - [الأربعون النووية: 38]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਅੱਲਾਹ ਤਆਲਾ ਦਾ ਫਰਮਾਨ ਹੈ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਮਿੱਤਰ) ਨਾਲ ਦੁਸ਼ਮਣੀ ਕੀਤੀ, ਉਸ ਨਾਲ ਮੇਰਾ ਐਲਾਨ-ਏ-ਜੰਗ ਹੈ। ਮੇਰੇ ਲਈ ਮੇਰੇ ਫ਼ਰਜ਼ ਕੰਮਾਂ ਤੋਂ ਵੱਧ ਪਿਆਰਾ ਕੁੱਝ ਨਹੀਂ ਹੈ ਜਿਨ੍ਹਾਂ ਰਾਹੀਂ ਮੇਰਾ ਬੰਦਾ ਮੇਰੇ ਨੇੜੇ ਆਉਂਦਾ ਹੈ। ਮੇਰਾ ਬੰਦਾ ਨਫ਼ਲਾਂ (ਫਰਜ਼ ਕੰਮਾਂ ਤੋਂ ਬਾਅਦ ਹੋਰ ਵਾਧੂ ਇਬਾਦਤਾਂ) ਰਾਹੀਂ ਮੇਰੇ ਨੇੜੇ ਆਉਂਦਾ ਰਹਿੰਦਾ ਹੈ, ਇੱਥੋਂ ਤੱਕ ਕਿ ਮੈਂ ਉਸ ਨਾਲ ਪਿਆਰ ਕਰਨ ਲੱਗ ਜਾਂਦਾ ਹਾਂ। ਜਦੋਂ ਮੈਂ ਉਸ ਨੂੰ ਪਿਆਰ ਕਰਦਾ ਹਾਂ ਤਾਂ ਮੈਂ ਉਸ ਦਾ ਕੰਨ ਬਣ ਜਾਂਦਾ ਹਾਂ, ਜਿਸ ਨਾਲ ਉਹ ਸੁਣਦਾ ਹੈ; ਉਸਦੀ ਅੱਖ ਬਣ ਜਾਂਦਾ ਹਾਂ, ਜਿਸ ਨਾਲ ਉਹ ਦੇਖਦਾ ਹੈ; ਉਸਦਾ ਹੱਥ ਬਣ ਜਾਂਦਾ ਹਾਂ, ਜਿਸ ਨਾਲ ਉਹ ਫੜਦਾ ਹੈ; ਅਤੇ ਉਸਦਾ ਪੈਰ ਬਣ ਜਾਂਦਾ ਹਾਂ ਜਿਸ ਨਾਲ ਉਹ ਚੱਲਦਾ ਹੈ। ਜੇਕਰ ਉਹ ਮੈਥੋਂ ਕੁੱਝ ਮੰਗੇ, ਤਾਂ ਮੈਂ ਜ਼ਰੂਰ ਉਸ ਨੂੰ ਦਿੰਦਾ ਹਾਂ ਅਤੇ ਜੇਕਰ ਉਹ ਮੈਥੋਂ ਪਨਾਹ (ਸ਼ਰਨ) ਮੰਗੇ, ਤਾਂ ਮੈਂ ਉਸ ਨੂੰ ਜ਼ਰੂਰ ਪਨਾਹ ਦਿੰਦਾ ਹਾਂ।"
[صحيح] - [رواه البخاري] - [الأربعون النووية - 38]
ਅੱਲਾਹ ਦੇ ਨਬੀ ﷺ ਨੇ ਇਸ ਹਦੀਸ-ਏ-ਕੁਦਸੀ ਵਿੱਚ ਦੱਸਿਆ ਹੈ ਕਿ ਅੱਲਾਹ ਤਆਲਾ ਨੇ ਫਰਮਾਇਆ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਖਾਸ ਦੋਸਤ) ਨੂੰ ਨੁਕਸਾਨ ਪਹੁੰਚਾਇਆ, ਉਸ ਨੂੰ ਨਰਾਜ਼ ਕੀਤਾ ਜਾਂ ਉਸ ਨਾਲ ਵੈਰ ਰੱਖਿਆ; ਉਸ ਲਈ ਮੇਰੇ ਵੱਲੋਂ ਦੁਸ਼ਮਣੀ ਦਾ ਐਲਾਨ ਹੈ। ਵਲੀ ਤੋਂ ਭਾਵ ਅੱਲਾਹ ਤੋਂ ਡਰਨ ਵਾਲਾ ਅਤੇ ਉਸ ਦੇ ਦੀਨ ਦਾ ਪਾਲਣ ਕਰਨ ਵਾਲਾ ਮੋਮਿਨ ਹੈ। ਜਿਸ ਦੇ ਅੰਦਰ ਜਿੰਨਾ ਈਮਾਨ ਅਤੇ ਅੱਲਾਹ ਦਾ ਡਰ ਹੋਵੇਗਾ, ਉਸ ਹਿਸਾਬ ਨਾਲ ਹੀ ਉਸ ਨੂੰ ਅੱਲਾਹ ਦੀ ਵਿਲਾਇਤ (ਦੋਸਤੀ) ਦਾ ਓਨਾ ਹੀ ਦਰਜਾ ਮਿਲੇਗਾ। ਇੱਕ ਮੁਸਲਮਾਨ ਜਿਨ੍ਹਾਂ ਚੀਜ਼ਾਂ ਰਾਹੀਂ ਅੱਲਾਹ ਦੀ ਨੇੜਤਾ ਪ੍ਰਾਪਤ ਕਰਦਾ ਹੈ, ਅੱਲਾਹ ਲਈ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਪਿਆਰੀਆਂ ਚੀਜ਼ਾਂ ਉਹ ਹਨ ਜੋ ਅੱਲਾਹ ਨੇ ਉਸ 'ਤੇ ਫਰਜ਼ ਕੀਤੀਆਂ ਹਨ। ਇਸ ਵਿੱਚ ਅੱਲਾਹ ਦੇ ਦੱਸੇ ਨੇਕ ਕੰਮ ਕਰਨਾ ਅਤੇ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਹਿਣਾ, ਦੋਵੇਂ ਸ਼ਾਮਲ ਹਨ। ਇੱਕ ਮੁਸਲਮਾਨ ਫਰਜ਼ ਕੰਮਾਂ ਦੇ ਨਾਲ-ਨਾਲ ਨਫਲ ਕੰਮਾਂ ਰਾਹੀਂ ਅੱਲਾਹ ਦੀ ਨੇੜਤਾ ਪ੍ਰਾਪਤ ਕਰਦਾ ਜਾਂਦਾ ਹੈ ਅਤੇ ਇੱਕ ਸਮਾਂ ਆਉਂਦਾ ਹੈ ਜਦੋਂ ਉਹ ਅੱਲਾਹ ਦੀ ਮੁਹੱਬਤ ਪ੍ਰਾਪਤ ਹੋ ਜਾਂਦੀ ਹੈ। ਜਦੋਂ ਅੱਲਾਹ ਉਸ ਨਾਲ ਮੁਹੱਬਤ ਕਰਨ ਲਗ ਜਾਂਦਾ ਹੈ, ਤਾਂ ਉਹ ਉਸਦੇ ਸ਼ਰੀਰ ਦੇ ਇਨ੍ਹਾਂ ਚਾਰ ਹੇਠ ਲਿਖੇ ਅੰਗਾਂ ਦਾ ਰੁਖ ਸਹੀ ਦਿਸ਼ਾ ਵੱਲ ਕਰ ਦਿੰਦਾ ਹੈ: ਉਸਦੇ ਕੰਨਾਂ ਦਾ ਰੁਖ ਸਹੀ ਕਰ ਦਿੰਦਾ ਹੈ। ਫੇਰ ਉਹ ਉਹੀ ਸੁਣਦਾ ਹੈ ਜੋ ਅੱਲਾਹ ਪਸੰਦ ਕਰਦਾ ਹੈ। ਉਸਦੀ ਨਜ਼ਰ (ਦੇਖਣ ਦੀ ਸ਼ਕਤੀ) ਦਾ ਰੁਖ਼ ਸਹੀ ਕਰ ਦਿੰਦਾ ਹੈ। ਸੋ ਉਹ ਉਹੀ ਦੇਖਦਾ ਹੈ, ਜਿਸਨੂੰ ਦੇਖਣਾ ਅੱਲਾਹ ਨੂੰ ਪਸੰਦ ਹੋਵੇ। ਉਸਦੇ ਹੱਥ ਦਾ ਰੁਖ਼ ਸਹੀ ਕਰ ਦਿੰਦਾ ਹੈ। ਫੇਰ ਉਹ ਆਪਣੇ ਹੱਥ ਨਾਲ ਉਹੀ ਕੰਮ ਕਰਦਾ ਹੈ, ਜੋ ਅੱਲਾਹ ਨੂੰ ਪਸੰਦ ਹੋਣ। ਉਸਦੇ ਪੈਰ ਦਾ ਰੁਖ਼ ਸਹੀ ਕਰ ਦਿੰਦਾ ਹੈ। ਉਹ ਉਸੇ ਰਾਹ ਵੱਲ ਚੱਲਦਾ ਹੈ, ਜੋ ਅੱਲਾਹ ਨੂੰ ਪਸੰਦ ਹੋਵੇ ਅਤੇ ਉਹੀ ਕੰਮ ਕਰਦਾ ਹੈ, ਜਿਸ ਵਿੱਚ ਭਲਾਈ ਹੋਵੇ। ਇਸ ਦੇ ਨਾਲ ਹੀ ਜੇਕਰ ਉਹ ਅੱਲਾਹ ਅੱਗੇ ਹੱਥ ਅੱਡਦਾ ਹੈ, ਤਾਂ ਅੱਲਾਹ ਉਸਦੀ ਝੋਲੀ ਭਰ ਦਿੰਦਾ ਹੈ। ਉਸਦੀ ਦੁਆ ਕਬੂਲ ਹੁੰਦੀ ਹੈ। ਜੇਕਰ ਉਹ ਅੱਲਾਹ ਦੀ ਪਨਾਹ (ਸ਼ਰਨ) ਮੰਗਦਾ ਹੈ, ਤਾਂ ਅੱਲਾਹ ਉਸਨੂੰ ਆਪਣੀ ਪਨਾਹ ਦਿੰਦਾ ਹੈ ਅਤੇ ਉਸਨੂੰ ਹਰ ਡਰ ਤੋਂ ਛੁਟਕਾਰਾ ਦਿੰਦਾ ਹੈ।